10 ਪੋਹ ਦਾ ਇਤਿਹਾਸ 10 Poh Da Itihas
ਸਫ਼ਰ ਏ ਸ਼ਹਾਦਤ
ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਅਤੇ ਸਿੰਘਾਂ ਦਾ ਸਸਕਾਰ
ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਘਸਮਾਨ ਦੀ ਜੰਗ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਸਿੰਘਾਂ ਦੇ ਹੁਕਮ ਅਤੇ ਬੇਨਤੀ ਅਨੁਸਾਰ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ ਅਤੇ ਮੁਗਲਾਂ ਨੇ ਇਸ ਗੜ੍ਹੀ ਦੇ ਦੁਆਲੇ ਆਪਣਾ ਠਿਕਾਣਾ ਬਣਾ ਲਿਆ।
ਨਾਲ ਦੇ ਪਿੰਡਾਂ ਵਿੱਚ ਗੁਰੂ ਸਾਹਿਬ ਜੀ ਨੂੰ ਲੱਭਣ ਦਾ ਵੀ ਹੁਕਮ ਹੋ ਚੁੱਕਾ ਸੀ ਇਸ ਦੇ ਨਾਲ-ਨਾਲ ਮੁਗਲ ਫੌਜਾਂ ਰਾਤ ਦੇ ਸਮੇਂ ਗੜ੍ਹੀ ਦੇ ਦੁਆਲੇ ਵੀ ਪਹਿਰਾ ਦੇ ਰਹੀਆਂ ਸਨ।
ਚਮਕੌਰ ਸਾਹਿਬ ਦੀ ਜੰਗ ਅਤੇ ਇਸ ਵਿੱਚ ਹੋਈਆਂ ਸ਼ਹਾਦਤਾਂ ਬਾਰੇ ਪਤਾ ਲੱਗਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਅਤੇ ਸੰਗਤ ਨਾਲ ਜੁੜੀ ਬੀਬੀ ਹਰਸ਼ਰਨ ਕੌਰ ਨੇ ਆਪਣੀ ਮਾਤਾ ਜੀ ਤੋਂ ਆਗਿਆ ਲੈ ਕੇ ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਅੰਤਿਮ ਸਸਕਾਰ ਕਰਨ ਦਾ ਫੈਸਲਾ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਕੋਲ ਪਹੁੰਚੀ।
ਇਸ ਸਮੇਂ ਮੁਗਲ ਫੌਜਾਂ ਗੜ੍ਹੀ ਦੇ ਦੁਆਲੇ ਆਪਣਾ ਪਹਿਰਾ ਦੇ ਰਹੀਆਂ ਸੀ ਅਤੇ ਗੁਰੂ ਸਾਹਿਬ ਦੇ ਆਸਰੇ ਨਾਲ ਬੀਬੀ ਹਰਸ਼ਰਨ ਕੌਰ ਜੀ ਨੇ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਪਾਵਨ ਸ਼ਰੀਰਾਂ ਨੂੰ ਖੋਜਿਆ ਅਤੇ ਇਕੱਠੇ ਕੀਤਾ। ਬੀਬੀ ਹਰਸ਼ਰਨ ਕੌਰ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਦਾ ਸਸਕਾਰ ਕਰਨ ਲਈ ਚਿਖਾ ਤਿਆਰ ਕੀਤੀ ਅਤੇ ਇਕੱਠਾ ਹੀ ਅਗਨ ਭੇਟ ਕਰਨ ਉਪਰੰਤ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।
ਚਿਤਾ ਜਲਦੀ ਦੇਖ ਕੇ ਮੁਗ਼ਲ ਫੌਜ ਨੇ ਉਸ ਪਾਸੇ ਕਮਾਂਡ ਕੀਤੀ ਅਤੇ ਇਸ ਗੱਲ ਦਾ ਪਤਾ ਲੱਗਣ ਤੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਹਮਲਾ ਕੀਤਾ ਤਾਂ ਬੀਬੀ ਹਰਸ਼ਰਨ ਕੌਰ ਨੇ ਸੂਰਮਤਾਈ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਜਖਮੀ ਹੋ ਕੇ ਡਿੱਗ ਪਈ ਤਾਂ ਮੁਗ਼ਲ ਫੌਜ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਜਲਦੀ ਹੋਈ ਚਿਖਾ ਵਿੱਚ ਸੁੱਟ ਕੇ ਜਿੰਦਾ ਹੀ ਅਗਨ ਭੇਟ ਕਰ ਦਿੱਤਾ।
ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਜੀ ਦੀ ਇਹ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਅਤੇ ਪੂਰੀ ਦੁਨੀਆਂ ਇਸ ਉੱਪਰ ਮਾਣ ਮਹਿਸੂਸ ਕਰੇਗੀ।
ਵਿਸ਼ਰਾਮ ਠੰਡਾ ਬੁਰਜ
ਇਹ ਰਾਤ (10 ਪੋਹ ਦੀ ਰਾਤ) ਧੰਨ ਧੰਨ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹੁਕਮਾਂ ਨਾਲ ਠੰਡੇ ਬੁਰਜ ਵਿੱਚ ਕੱਟੀ।
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ
ਇਸ ਠੰਡੇ ਬੁਰਜ ਵਿੱਚ ਹੀ ਗੁਰੂ ਦੇ ਪਿਆਰੇ ਅਤੇ ਲਾਡਲੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ) ਨੂੰ ਦੁੱਧ ਛਕਾਉਣ ਦੀ ਬਹੁਤ ਹੀ ਵੱਡੀ ਸੇਵਾ ਨਿਭਾਈ। ਇਸ ਦੇ ਬਦਲੇ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ। ਇਸ ਤਰ੍ਹਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਪਰਿਵਾਰ ਨੂੰ ਭੇਂਟ ਕਰਦਿਆਂ ਇਸ ਸ਼ਹਾਦਤਾਂ ਦੇ ਦੌਰ ਵਿੱਚ ਆਪਣਾ ਆਪਾ ਨਿਭਾਅ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹੋ
ਠੰਡਾ ਬੁਰਜ
ਠੰਡਾ ਬੁਰਜ ਇੱਕ ਅਜਿਹੀ ਜਗ੍ਹਾ ਹੈ ਜਿਸ ਨੂੰ ਮੁਗਲ ਨਵਾਬ ਗਰਮੀਆਂ ਦੇ ਮੌਸਮ ਵਿੱਚ ਠੰਡੀ ਹਵਾ ਲੈਣ ਲਈ ਵਰਤਦਾ ਸੀ ਅਤੇ ਇਸ ਦੇ ਨੀਚੇ ਇੱਕ ਨਦੀ ਵਗਦੀ ਸੀ ਅਤੇ ਇਸ ਤੋਂ ਹੋ ਕੇ ਠੰਡੀ ਹਵਾ ਇਸ ਵਿੱਚ ਲੱਗਦੀ ਸੀ। ਇਹ ਸਥਾਨ ਗਰਮੀਆਂ ਦੇ ਮੌਸਮ ਵਿੱਚ ਵੀ ਅੱਤ ਦਾ ਠੰਡਾ ਹੁੰਦਾ ਸੀ ਤਾਂ ਸਰਦੀਆਂ ਦੇ ਮੌਸਮ ਵਿੱਚ ਤਾਂ ਇਹ ਹੋਰ ਵੀ ਠਰ ਜਾਂਦਾ ਸੀ ਜਿਸ ਵਿੱਚ ਆਮ ਸਰੀਰ ਦਾ ਰਹਿਣਾ ਮੁਸ਼ਕਿਲ ਸੀ। ਪਰ ਗੁਰੂ ਸਾਹਿਬ ਦੀਆਂ ਨਿੱਕੀਆਂ ਜਿੰਦਾਂ ਅਤੇ ਮਾਤਾ ਜੀ ਉਸ ਕੜਾਕੇ ਦੀ ਠੰਡੀ ਜਗਾਂ ਵਿੱਚ ਵੀ ਰਹਿ ਕੇ ਨਾ ਡੋਲੇ।
ਇਹ ਵੀ ਪੜ੍ਹੋ -
10 ਪੋਹ ਦਾ ਇਤਿਹਾਸ 10 Poh Da Itihas |
ਸਾਨੂੰ ਇਸ ਅਣਮੁੱਲੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ, ਇਸ ਸ਼ਹੀਦੀ ਹਫ਼ਤੇ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਅਸੀ ਗੁਰੂ ਸਾਹਿਬ ਜੀ ਦੇ ਪਿਆਰ ਅਤੇ ਰੰਗ ਦੇ ਭਾਗੀ ਬਣ ਸਕੀਏ।
Post a Comment
0 Comments