ਨਹੀਂ ਰਹੇ ਪੰਜਾਬ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਅਤੇ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। 79 ਸਾਲ ਦੀ ਉਮਰ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਏ ਹਨ।
ਸੁਰਜੀਤ ਪਾਤਰ - Surjit Patar Passes Away |
ਅਲਵਿਦਾ ਸ਼ਾਇਰ ਸਾਬ ਸੁਰਜੀਤ ਪਾਤਰ - Surjit Patar Passes Away
ਪੰਜਾਬ ਦੇ ਮਹਾਨ ਸ਼ਾਇਰ ਡਾ. ਸੁਰਜੀਤ ਪਾਤਰ ਨੇ ਆਪਣੀ 79 ਸਾਲਾਂ ਦੀ ਸਰੀਰਕ ਅਤੇ ਸਵਾਸੀ ਪੂੰਜੀ ਖਰਚ ਕੇ ਲੁਧਿਆਣਾ ਵਿਖੇ ਆਖਰੀ ਸਾਹ ਲਏ ਹਨ। ਸੁਰਜੀਤ ਪਾਤਰ ਜੀ ਸਾਡੇ ਸਾਹਿਤ ਦੇ ਉਹ ਥੰਮ੍ਹ ਹਨ ਜਿਸ ਉੱਤੇ ਪੂਰੀ ਪੰਜਾਬੀ ਕੌਮ ਮਾਣ ਕਰਦੀ ਹੈ। ਆਪਣੇ ਪੂਰੇ ਜੀਵਨ ਨੂੰ ਪੰਜਾਬੀ ਸਾਹਿਤ ਲਈ ਸਮਰਪਿਤ ਕਰਨ ਵਾਲੇ ਸ਼ਾਇਰ ਸੁਰਜੀਤ ਪਾਤਰ ਨੇ 11 ਮਈ 2024 ਨੂੰ ਲੁਧਿਆਣਾ ਵਿਖੇ ਆਖਰੀ ਸਾਹ ਲਏ ਹਨ।
ਸੁਰਜੀਤ ਪਾਤਰ ਜਨਮ ਅਤੇ ਪਿੰਡ
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦਾ ਜਨਮ 14 ਜਨਵਰੀ, 1945 ਨੂੰ ਪਿੰਡ ਪੱਤੜ ਕਲਾਂ ਜਿਲ੍ਹਾ ਜਲੰਧਰ ਵਿੱਚ ਹੋਇਆ। ਉਹਨਾਂ ਦੇ ਪਿੰਡ ਦਾ ਨਾਮ ਪੱਤੜ ਹੋਣ ਕਰਕੇ ਹੀ ਉਹਨਾਂ ਦੇ ਨਾਮ ਨਾਲ ਪਾਤਰ ਦਾ ਤਖੱਲਸ ਜੁੜਿਆ। ਇਸ ਪਿੰਡ ਤੋਂ ਜਨਮੇ ਪਾਤਰ ਸਾਬ ਪੂਰੇ ਪੰਜਾਬ ਦੇ ਪਾਤਰ ਬਣੇ।
ਵਿੱਦਿਅਕ ਸਫ਼ਰ ਅਤੇ ਦੇਣ
ਸ਼ਾਇਰ ਸੁਰਜੀਤ ਪਾਤਰ ਜੀ ਨੇ ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ। ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਨਿਭਾਈ ਅਤੇ ਆਪਣੀਆਂ ਸਾਹਿਤਿਕ ਰਚਨਾਵਾਂ ਸਦਕਾ ਬਹੁਤ ਸਨਮਾਨ ਪ੍ਰਾਪਤ ਕੀਤੇ।
ਹੁਣ ਤੱਕ ਪ੍ਰਾਪਤ ਕੀਤੇ ਸਨਮਾਨ
- 1993 'ਚ 'ਹਨੇਰੇ ਵਿੱਚ ਸੁਲਗਦੀ ਵਰਨਮਾਲਾ'- ਸਾਹਿਤ ਅਕਾਦਮੀ ਸਨਮਾਨ
- 1997 'ਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਕਵੀ ਸਨਮਾਨ
- 1999 'ਚ 'ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ' ਵਲੋਂ ਪੰਚਨਾਦ ਪੁਰਸਕਾਰ
- 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ਼ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਿਤ
- 2012 ਵਿੱਚ ਭਾਰਤ ਦਾ ਰਾਸ਼ਟਰੀ ਸਨਮਾਨ ਪਦਮ ਸ਼੍ਰੀ ਸਨਮਾਨ
- "ਲਫ਼ਜ਼ਾਂ ਦੀ ਦਰਗਾਹ"ਲਈ ਸਰਸਵਤੀ ਸਨਮਾਨ
ਪ੍ਰਸਿੱਧ ਰਚਨਾਵਾਂ
- ਹਵਾ ਵਿੱਚ ਲਿਖੇ ਹਰਫ਼ -1979
- ਬਿਰਖ ਅਰਜ਼ ਕਰੇ- 1992
- ਹਨੇਰੇ ਵਿੱਚ ਸੁਲਗਦੀ ਵਰਨਮਾਲਾ-1992
- ਲਫ਼ਜ਼ਾਂ ਦੀ ਦਰਗਾਹ- 2003
- ਪਤਝੜ ਦੀ ਪਾਜ਼ੇਬ
- ਸੁਰ-ਜ਼ਮੀਨ- 2007
- ਚੰਨ ਸੂਰਜ ਦੀ ਵਹਿੰਗੀ
ਪੰਜਾਬੀ ਸਾਹਿਤ ਲਈ ਨਾ ਪੂਰਾ ਹੋਣ ਵਾਲਾ ਘਾਟਾ
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਜੀ ਦਾ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਜਾਣਾ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਹੈ। ਉਹਨਾਂ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਲਈ ਸੋਗ ਦੀ ਲਹਿਰ ਛਾ ਗਈ ਹੈ। ਇਸ ਵੱਡੇ ਘਾਟੇ ਨੂੰ ਕਦੇ ਵੀ ਪੂਰਿਆ ਨਹੀ ਜਾ ਸਕਦਾ। ਲਹਿੰਦੀ ਦੁਨੀਆਂ ਤੱਕ ਸੁਰਜੀਤ ਪਾਤਰ ਨੂੰ ਯਾਦ ਕੀਤਾ ਜਾਵੇਗਾ।
ਕਾਵਿ ਸਤਰਾਂ
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ
ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ
ਸੁਰਜੀਤ ਪਾਤਰ ਜੀ ਨੇ ਆਪਣੇ ਲੁਧਿਆਣਾ (ਆਸ਼ਾਪੁਰੀ) ਘਰ ਵਿੱਚ ਆਖਰੀ ਸਾਹ ਲਏ ਹਨ ਅਤੇ ਇੱਥੇ ਦੇ ਸ਼ਮਸ਼ਾਨ ਘਾਟ ਦੇ ਵਿੱਚ ਭਲਕੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਵਿਛੜੀ ਰੂਹ ਸਦਾ ਜਿਉਂਦੀ ਰਹੇਗੀ
ਸ਼ਾਇਰ ਸੁਰਜੀਤ ਪਾਤਰ ਜੀ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨਾਂ ਨੂੰ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਜਿਉਂਦਾ ਰੱਖਿਆ ਜਾਵੇਗਾ। ਸ਼ਾਇਰ ਸੁਰਜੀਤ ਪਾਤਰ ਜੀ ਪੰਜਾਬ ਦਾ ਮਾਣ ਸਨ, ਹਨ ਤੇ ਹਮੇਸ਼ਾ ਰਹਿਣਗੇ। ਇਸ ਵਿੱਛੜੀ ਰੂਹ ਨੂੰ ਪ੍ਰਮਾਤਮਾਂ ਜੀ ਹਮੇਸ਼ਾ ਹੀ ਲੋਕਾਂ ਦੇ ਚੇਤਿਆਂ ਵਿੱਚ ਜਿਉਂਦੀ ਰੱਖਣ।
Post a Comment
0 Comments