ਪਰ ਤੇਰੇ ਬੂਹਿਓਂ ਹਿੱਲਣ ਨੂੰ, 'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ।
ਅੱਜ ਦੇ ਦਿਨ 18 ਦਸੰਬਰ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਪੰਜਾਬੀਅਤ ਦਾ ਕਵੀ ਧਨੀ ਰਾਮ ਚਾਤ੍ਰਿਕ Dhani Ram Chatrik
ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954)
ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕਾਂ ਵਿੱਚੋਂ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਇੱਕ ਪੁਲ ਦਾ ਕੰਮ ਕਰਦੀਆਂ ਹਨ।
ਪੰਜਾਬੀ ਭਾਸ਼ਾ ਲਈ ਵਡਮੁੱਲੇ ਸਾਹਿਤ ਲਿਖਣ ਦਾ ਧਨੀ ਰਾਮ ਚਾਤ੍ਰਿਕ ਲਈ ਵਿਸ਼ੇਸ਼ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੁਆਰਾ ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਇਆ ਗਿਆ ਜਿਸ ਕਰਕੇ ਸਾਹਿਤ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਆਇਆ।
ਪੰਜਾਬੀਅਤ ਦਾ ਕਵੀ ਧਨੀ ਰਾਮ ਚਾਤ੍ਰਿਕ Dhani Ram Chatrik |
ਪੰਜਾਬ ਕਰਾਂ ਕੀ ਸਿਫ਼ਤ ਤੇਰੀ -
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ।
ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ,
ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨਸਦੀ ਹੈ ।
ਦਰਗ਼ਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ,
ਪਰ ਤੇਰੇ ਬੂਹਿਓਂ ਹਿੱਲਣ ਨੂੰ, 'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ ।
ਧਨੀ ਰਾਮ ਚਾਤ੍ਰਿਕ ਜੀ ਦਾ ਜਨਮ ਪਿੰਡ ਪੱਸੀਆਂਵਾਲਾ (ਜ਼ਿਲਾ ਸਿਆਲਕੋਟ, ਪਾਕਿਸਤਾਨ) ਵਿੱਚ 04 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ। ਆਪ ਜੀ ਛੋਟੀ ਉਮਰ ਤੋਂ ਹੀ ਵਸੀਕਾ ਨਵੀਸੀ ਦਾ ਕੰਮ ਆਪਣੀ ਰੋਜ਼ਾਨਾ ਜੀਵਿਕਾ ਚਲਾਉਣ ਲਈ ਕਰਨ ਲੱਗ ਪਏ। ਫਿਰ ਆਪ ਜੀ ਦੀ ਮੁਲਾਕਾਤ ਭਾਈ ਵੀਰ ਸਿੰਘ ਜੀ ਨਾਲ ਹੁੰਦੀ ਹੈ ਅਤੇ ਉਹਨਾਂ ਦੇ ਨਾਲ 'ਵਜ਼ੀਰ ਹਿੰਦ ਪ੍ਰੈੱਸ' ਵਿੱਚ ਨੌਕਰੀ ਕਰਨ ਦਾ ਸੁਭਾਗ ਬਣਿਆ।
ਧਨੀ ਰਾਮ ਚਾਤ੍ਰਿਕ ਦੀ ਬਸੰਤ ਕਵਿਤਾ
ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ ।
ਬਾਗ਼ਾਂ ਵਿਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ,
ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ ।
ਖਿੜ ਖਿੜ ਹਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉਤੇ ਲਾਲੀਆਂ ।
ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ ।
ਬੁਲਬੁਲ ਫੁੱਲ ਫੁੱਲ, ਫੁੱਲਾਂ ਦੇ ਸਦੱਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ ।
ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ ।
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ,
ਡੋਰੇ ਦਾਰ ਨੈਣਾਂ ਵਿਚੋਂ ਸੁੱਟੀਆਂ ਗੁਲਾਲੀਆਂ ।
ਧਨੀ ਰਾਮ ਚਾਤ੍ਰਿਕ ਨੇ ਪਹਿਲਾਂ 'ਹਰੀਧਨ' ਉਪ ਨਾਮ ਹੇਠ ਲਿਖਿਆ ਕਵਿਤਾਵਾਂ ਲਿਖੀਆਂ ਅਤੇ ਬਾਅਦ ਵਿੱਚ 'ਚਾਤ੍ਰਿਕ' ਆਪਣੇ ਨਾਮ ਨਾਲ ਜੋੜ ਲਿਆ। ਆਪ ਜੀ ਦੀਆਂ ਲਿਖੀਆਂ ਕਵਿਤਾਵਾਂ ਸ੍ਰੇਸ਼ਟਤਾ ਦਾ ਇੱਕ ਵੱਡਾ ਨਮੂਨਾ ਹਨ ਅਤੇ ਉਹਨਾਂ ਵਿਚੋਂ ਪੰਜਾਬੀਅਤ ਦੀ ਬਹੁਮੁੱਲੀ ਅਪਣੱਤ ਦੇਖਣ ਨੂੰ ਮਿਲਦੀ ਹੈ ਅਤੇ 1924 ਵਿੱਚ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ।
ਵਿਸਾਖੀ ਦੇ ਮੇਲੇ ਨਾਲ ਸੰਬੰਧਿਤ ਕਵਿਤਾ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂਹੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ
- ਫੁੱਲਾਂ ਦੀ ਟੋਕਰੀ (1904)
- ਭਰਥਰ ਹਰੀ (1905)
- ਨਲ ਦਮਯੰਤੀ (1906)
- ਧਰਮਵੀਰ (1908)
- ਚੰਦਨਵਾੜੀ (1931)
- ਕੇਸਰ ਕਿਆਰੀ (1940)
- ਨਵਾਂ ਜਹਾਨ
- ਸੂਫ਼ੀਖ਼ਾਨਾ (1950)
- ਨੂਰਜਹਾਂ ਬਾਦਸ਼ਾਹ ਬੇਗਮ (1953)
ਲਾਲਾ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀਆਂ ਕਵਿਤਾਵਾਂ ਸਾਡੀ ਇਸ ਪੀੜ੍ਹੀ ਨੀ ਪੁਰਾਤਨ ਪੀੜ੍ਹੀ ਨਾਲ ਜੋੜਨ ਦਾ ਕੰਮ ਕਰਦੀਆਂ ਹਨ। ਜਿਸ ਤਰ੍ਹਾਂ ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਭਾਈ ਵੀਰ ਸਿੰਘ ਜੀ ਨਾਲ ਜੁੜਦਾ ਹੈ ਉਸਦੇ ਨਾਲ ਨਾਲ ਹੀ ਲਾਲਾ ਧਨੀ ਰਾਮ ਚਾਤ੍ਰਿਕ ਜੀ ਵੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀਆਂ ਵਿੱਚ ਸ਼ਾਮਿਲ ਹਨ।
Post a Comment
0 Comments